ਭਾਰਤ ਸਰਕਾਰ ਵੱਲੋਂ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਦੀ ਮੈਪਿੰਗ ਅਤੇ ਵਿਸਥਾਰ ਲਈ ਮਾਡਲ ਫਰੇਮਵਰਕ ਵਿਕਸਤ ਕਰਨ ਵਾਸਤੇ ਪੰਜਾਬ ਦੀ ਚੋਣ
ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ‘ਪੰਜਾਬ ਇਨੋਵੇਸਨ ਅਤੇ ਇਨਕਿਊਬੇਸ਼ਨ ਈਕੋਸਿਸਟਮ‘ ‘ਤੇ ਰਿਪੋਰਟ ਕੀਤੀ ਜਾਰੀ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਵਿਗਿਆਨ ਉਤਸਵ ਪੰਜਾਬ, ਜਿਸ ਨੂੰ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ) ਵੱਲੋਂ ਕਰਾਇਆ ਜਾ ਰਿਹਾ ਹੈ, ਸੂਬੇ ਦੇ ਖੋਜਾਰਥੀਆਂ, ਵਿਦਿਆਰਥੀਆਂ, ਟੀਚਿੰਗ ਫੈਕਲਟੀ ਅਤੇ ਉਦਯੋਗਾਂ ਨੂੰ ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ (ਐਸ.ਟੀ.ਆਈ.) ਈਕੋਸਿਸਟਮ ਦੇ ਖਾਸ ਪਹਿਲੂਆਂ ਬਾਰੇ ਡੂੰਘਾਈ ਵਿੱਚ ਸਿੱਖਣ ਦਾ ਮੌਕਾ ਪ੍ਰਦਾਨ ਕਰੇਗਾ। ਇਹ ਜਾਣਕਾਰੀ ਸਾਲ ਭਰ ਚੱਲਣ ਵਾਲੇ ਇਸ ਵਿਲੱਖਣ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਦਿਲੀਪ ਕੁਮਾਰ ਨੇ ਦਿੱਤੀ।
ਇਸ ਮੌਕੇ ਸ਼੍ਰੀ ਕੁਮਾਰ ਨੇ ਜੀ.ਆਈ.ਜੈੱਡ. ਅਤੇ ਸਟਾਰਟਅਪ ਪੰਜਾਬ ਦੇ ਸਹਿਯੋਗ ਨਾਲ ਕੌਂਸਲ ਵੱਲੋਂ ਤਿਆਰ ਕੀਤੀ ‘ਇਨੋਵੇਸਨ ਐਂਡ ਇੰਕਿਉਬੇਸ਼ਨ ਈਕੋਸਿਸਟਮ ਆਫ ਪੰਜਾਬ‘ ਬਾਰੇ ਰਿਪੋਰਟ ਵੀ ਜਾਰੀ ਕੀਤੀ। ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਨਿਰਦੇਸਕ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਦੀ ਮੈਪਿੰਗ ਅਤੇ ਵਿਸਥਾਰ ਲਈ ਇੱਕ ਮਾਡਲ ਫਰੇਮਵਰਕ ਵਿਕਸਤ ਕਰਨ ਲਈ ਪੰਜਾਬ ਦੀ ਚੋਣ ਕੀਤੀ ਹੈ ਜਿਸ ਨੂੰ ਦੇਸ ਦੇ ਦੂਜੇ ਸੂਬਿਆਂ ਵੱਲੋਂ ਅਪਣਾਇਆ ਜਾਵੇਗਾ। ਇਹ ਫਰੇਮਵਰਕ ਸੂਬਿਆਂ ਨੂੰ ਡਾਟਾ ਆਧਾਰਤ ਯੋਜਨਾਬੰਦੀ ਲਈ ਸੰਸਥਾਗਤ ਵਿਧੀ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ।
ਜ਼ਿਕਰਯੋਗ ਹੈ ਕਿ ‘ਵਿਗਿਆਨ ਉਤਸਵ‘ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਸਾਇੰਸ ਤੇ ਤਕਨਾਲੋਜੀ ਕੌਂਸਲਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਜਿਸ ਦਾ ਉਦੇਸ਼ ਦੇਸ ਦੇ “ਆਤਮ ਨਿਰਭਰ ਭਾਰਤ ਲਈ “ਵਿਗਿਆਨ, ਤਕਨਾਲੋਜੀ ਅਤੇ ਇਨੋਵੇਸਨ (ਐਸ.ਟੀ.ਆਈ) ਈਕੋਸਿਸਟਮ” ਨੂੰ ਪ੍ਰਦਰਸਤਿ ਕਰਨਾ ਹੈ। ਇਸ ਤਹਿਤ ਦੇਸ਼ ਦੇ ਸਾਰੇ ਸੂਬੇ ਸਾਲ ਭਰ ਲੜੀਵਾਰ ਸਮਾਗਮਾਂ ਦਾ ਆਯੋਜਨ ਕਰਕੇ ਆਪਣੇ ਸੂਬੇ ਦੇ ਐਸ.ਟੀ.ਆਈ ਈਕੋਸਿਸਟਮ ਦਾ ਪ੍ਰਦਰਸਨ ਕਰਨਗੇ। ਇਹ ਪਹਿਲਕਦਮੀ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਪੂਰੇ ਹੋਣ ਸਬੰਧੀ ਜਸਨ ਮਨਾਉਣ ਲਈ ਸੁਰੂ ਕੀਤੀ ਲੜੀ ‘ਅਜਾਦੀ ਕਾ ਅੰਮਿ੍ਰਤ ਮਹੋਤਸਵ’ ਦੇ ਵਜੋਂ ਕੀਤੀ ਗਈ ਹੈ।
ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਦਾ ਵਿਸਾ ‘ਪੰਜਾਬ ਵਿੱਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸਨ ਸੰਸਥਾਵਾਂ’ ਸੀ। ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮੁਖੀ ਪ੍ਰੋ: ਰਾਜੀਵ ਆਹੂਜਾ, ਡਾਇਰੈਕਟਰ, ਆਈ.ਆਈ.ਟੀ ਰੋਪੜ; ਪ੍ਰੋ: ਅਸਵਨੀ ਪਰੀਕ, ਕਾਰਜਕਾਰੀ ਨਿਰਦੇਸਕ, ਨੈਸਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਊਟ; ਪ੍ਰੋ. ਅਮਿਤਾਵਾ ਪਾਤਰਾ, ਡਾਇਰੈਕਟਰ, ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੌਜੀ; ਡਾ: ਐਚ.ਕੇ. ਸਰਦਾਨਾ, ਮੁੱਖ ਵਿਗਿਆਨੀ, ਸੈਂਟਰਲ ਸਾਇੰਟੀਫਿਕ ਇੰਸਟ੍ਰੂਮੈਂਟ ਆਰਗਨਾਈਜੇਸ਼ਨ; ਡਾ: ਐਨ.ਜੀ. ਪ੍ਰਸਾਦ, ਡੀਨ, ਆਈ.ਆਈ.ਐਸ.ਈ.ਆਰ-ਮੋਹਾਲੀ, ਡਾ. ਨਵਤੇਜ ਬੈਂਸ, ਡਾਇਰੈਕਟਰ, ਖੋਜ, ਪੀ.ਏ.ਯੂ; ਡਾ: ਜੇ.ਪੀ.ਐਸ. ਗਿੱਲ, ਨਿਰਦੇਸਕ, ਖੋਜ, ਗਡਵਾਸੂ ਅਤੇ ਡਾ.ਨਿਰਮਲ ਔਸੈਪਾਚਨ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਨੇ ਆਪਣੀਆਂ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਸਾਂਝੀਆਂ ਕੀਤੀਆਂ।
ਸੈਂਟਰ ਆਫ ਟੈਕਨਾਲੌਜੀ ਇਨੋਵੇਸਨ ਐਂਡ ਇਕਨਾਮਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ੍ਰੀ ਜਨਕ ਨਾਬਰ ਵੱਲੋਂ ਸੰਚਾਲਿਤ ਇੱਕ ਇੰਟਰਐਕਟਿਵ ਪੈਨਲ ਵਿੱਚ, ਉਨਾਂ ਨੇ ਆਪਣੀਆਂ ਸੰਸਥਾਵਾਂ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਉੱਨਤ ਤਕਨਾਲੋਜੀਆਂ ਬਾਰੇ ਵੀ ਚਰਚਾ ਕੀਤੀ। ਸੂਬੇ ਭਰ ਤੋਂ ਲਗਭਗ 1000 ਭਾਗੀਦਾਰਾਂ ਨੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।